‘ਵਾਰਿਸ ਪੰਜਾਬ ਦੇ’ ਨੂੰ ਕਾਬੂ ਕਰਨ ਲਈ ਸੂਬਾ ਪੱਧਰੀ ਮੁਹਿੰਮ ਜਾਰੀ: ਭਗੌੜੇ ਅੰਮ੍ਰਿਤਪਾਲ ਦੀ ਗਿਰਫ਼ਤਾਰੀ ਲਈ ਕੀਤੇ ਜਾ ਰਹੇ ਯਤਨ

 ਪੰਜਾਬ ਦੇ ਸਾਰੇ ਜ਼ਿਲਿ੍ਹਆਂ ਵਿੱਚ ਕੀਤੇ ਗਏ ਫਲੈਗ ਮਾਰਚ , ਰਾਜ ਵਿੱਚ ਪੂਰਨ ਸ਼ਾਂਤੀ ਅਤੇ ਸਦਭਾਵਨਾ ਕਾਇਮ

ਚੰਡੀਗੜ੍ਹ, 19 ਮਾਰਚ:
ਪੰਜਾਬ ਪੁਲਿਸ ਨੇ ਐਤਵਾਰ ਨੂੰ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਵਾਰਿਸ ਪੰਜਾਬ ਦੇ (ਡਬਲਯੂ.ਪੀ.ਡੀ.) ਦੇ ਕਾਰਕੁੰਨਾਂ ਵਿਰੁੱਧ ਆਪਣੀ ਕਾਰਵਾਈ ਜਾਰੀ ਰੱਖੀ ਅਤੇ ਸੂਬੇ ਵਿੱਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ਨੂੰ ਠੱਲ੍ਹ ਪਾਉਣ ਲਈ ਗ੍ਰਿਫਤਾਰੀਆਂ ਵੀ ਕੀਤੀਆਂ।

ਪੰਜਾਬ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਹਾਲੇ ਤੱਕ  ਅੰਮ੍ਰਿਤਪਾਲ ਸਿੰਘ ਭਗੌੜਾ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸ.ਐਸ.ਪੀਜ਼) ਅਤੇ ਪੁਲਿਸ ਕਮਿਸ਼ਨਰਾਂ (ਸੀ.ਪੀ.) ਦੀ ਨਿੱਜੀ ਤੌਰ ’ਤੇ ਅਗਵਾਈ ਵਿੱਚ ਜ਼ਿਲ੍ਹਾ ਪੁਲਿਸ ਅਤੇ ਅਰਧ ਸੈਨਿਕ ਬਲਾਂ (ਪੀ. ਐੱਮ. ਐੱਫ.) ਕੰਪਨੀਆਂ ਵੱਲੋਂ ਸੂਬੇ ਭਰ ਵਿੱਚ ਫਲੈਗ ਮਾਰਚ ਕੀਤੇ ਗਏ। ਉਨ੍ਹਾਂ ਕਿਹਾ ਕਿ ਸਾਰੇ ਜ਼ਿਲਿ੍ਹਆਂ ਵਿੱਚ ਸ਼ਾਂਤੀ ਕਮੇਟੀ ਮੀਟਿੰਗਾਂ ਵੀ ਕੀਤੀਆਂ ਗਈਆਂ ਅਤੇ ਸੂਬੇ ਵਿੱਚ ਪੂਰਨ ਸ਼ਾਂਤੀ ਅਤੇ ਸਦਭਾਵਨਾ ਬਣੀ ਰਹੀ।

ਡਬਲਯੂ.ਪੀ.ਡੀ. ਕਾਰਕੁੰਨਾਂ ਅਤੇ ਰਾਜ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ਵਿਰੁੱਧ ਚੱਲ ਰਹੇ ਇਨ੍ਹਾਂ ਅਪਰੇਸ਼ਨਾਂ ਦੌਰਾਨ, ਐਤਵਾਰ ਨੂੰ ਰਾਜ ਭਰ ਵਿੱਚ 34 ਹੋਰ ਗ੍ਰਿਫਤਾਰੀਆਂ ਕੀਤੀਆਂ ਗਈਆਂ। ਹੁਣ ਤੱਕ ਕੁੱਲ 112 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਬੁਲਾਰੇ ਨੇ ਦੱਸਿਆ ਕਿ ਚੱਲ ਰਹੇ ਤਲਾਸ਼ੀ ਅਭਿਆਨ ਦੌਰਾਨ ਪਿੰਡ ਸਲੀਣਾ, ਥਾਣਾ ਮਹਿਤਪੁਰ, ਜਿਲਾ ਜਲੰਧਰ ਦਿਹਾਤੀ ਤੋਂ  ਪੀ.ਬੀ.10ਐਫ.ਡਬਲਯ. 6797  ਨੰਬਰ ਵਾਲੀ ਇੱਕ ਲਾਵਾਰਿਸ ਈਸੂਜ਼ੂ ਗੱਡੀ ਬਰਾਮਦ ਕੀਤੀ ਗਈ ਹੈ। ਇਸ ਗੱਡੀ ਦੀ  ਵਰਤੋਂ ਭਗੌੜੇ ਅੰਮ੍ਰਿਤਪਾਲ ਸਿੰਘ ਵੱਲੋਂ ਉਦੋਂ ਕੀਤੀ ਗਈ ਜਦੋਂ ਪੁਲਿਸ ਉਸਦਾ ਪਿੱਛਾ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਉਕਤ ਲਾਵਾਰਿਸ ਗੱਡੀ ਵਿੱਚੋਂ ਇੱਕ .315 ਬੋਰ ਰਾਈਫਲ ਸਮੇਤ 57 ਜਿੰਦਾ ਕਾਰਤੂਸ, ਇੱਕ ਤਲਵਾਰ ਅਤੇ ਇੱਕ ਵਾਕੀ-ਟਾਕੀ ਸੈੱਟ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਗੱਡੀ ਮਨਪ੍ਰੀਤ ਸਿੰਘ ਵਾਸੀ ਪਿੰਡ ਅਨੋਖਰਵਾਲ, ਐਸ.ਬੀ.ਐਸ.ਨਗਰ ਦੀ ਹੈ, ਜਿਸਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਪੰਜਾਬ ਪੁਲਿਸ ਅਤੇ ਕੇਂਦਰੀ ਪੈਰਾ ਮਿਲਟਰੀ ਫੋਰਸਿਜ਼ ਦੀਆਂ ਕੰਪਨੀਆਂ ਵੱਲੋਂ ਸੂਬੇ ਭਰ ਵਿੱਚ ਸਾਂਝੇ ਤੌਰ ’ਤੇ ਸੀਪੀਜ਼/ਐਸਐਸਪੀਜ਼ ਦੀ ਅਗਵਾਈ ਵਿੱਚ ਫਲੈਗ ਮਾਰਚ ਕੱਢਿਆ ਗਿਆ। ਨਾਗਰਿਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਨ ਲਈ ਸੂਬੇ ਦੇ ਸਾਰੇ ਜ਼ਿਲਿ੍ਹਆਂ ਵਿੱਚ ਸਿਵਲ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਸ਼ਾਂਤੀ ਕਮੇਟੀ  ਮੀਟਿੰਗਾਂ ਕੀਤੀਆਂ ਗਈਆਂ ।

ਬੁਲਾਰੇ ਨੇ ਅੱਗੇ ਕਿਹਾ ਕਿ ਜੇਕਰ ਕੋਈ ਗੁਮਰਾਹਕੁੰਨ ਖਬਰਾਂ, ਅਫਵਾਹਾਂ ਅਤੇ ਨਫਰਤੀ ਭਾਸ਼ਣ ਦਿੰਦਾ ਪਾਇਆ ਗਿਆ ਤਾਂ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਨਾਗਰਿਕਾਂ, ਮੀਡੀਆ ਕਰਮੀਆਂ ਅਤੇ ਸੋਸ਼ਲ ਮੀਡੀਆ ਪਲੇਟਫਾਰਮ  ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਜ਼ਿੰਮੇਵਾਰੀ ਨਾਲ ਕੰਮ ਕਰਨ ਅਤੇ ਵੱਖ-ਵੱਖ ਸੋਸ਼ਲ ਮੀਡੀਆ, ਇਲੈਕਟਰਾਨਿਕ ਮੀਡੀਆ ਅਤੇ ਪ੍ਰਿੰਟ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਦੁਆਰਾ ਸਾਂਝੀ ਕੀਤੀ ਜਾ ਰਹੀ ਸਮੱਗਰੀ ਅਤੇ ਤੱਥਾਂ ਦੀ  ਪ੍ਰਮਾਣਿਕਤਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ।

ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਵੀ  ਅਪੀਲ ਕੀਤੀ ਕਿ ਉਹ ਝੂਠੀਆਂ ਖ਼ਬਰਾਂ ਅਤੇ ਅਫਵਾਹਾਂ ’ਤੇ ਧਿਆਨ ਨਾ ਦੇਣ ਅਤੇ ਪੁਲਿਸ ਨੂੰ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਾਰੇ ਸ਼ਰਾਰਤੀ ਅਨਸਰਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਪੰਜਾਬ ਪੁਲਿਸ ਸੂਬੇ ਵਿੱਚ ਅਮਨ-ਸ਼ਾਂਤੀ ਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਵਚਨਬੱਧ ਹੈ।

error: Content can\\\'t be selected!!